ਬੇਪਰਵਾਹੀਆਂ

ਮੈਨੂੰ ਕੀ ? ਜੇ ਨੈਣ ਕਿਸੇ ਦੇ ਸੁੰਦ੍ਰ, ਮਸਤ, ਮਤਵਾਲੇ ਨੇ
ਹੋਣ ਪਏ, ਜੇ ਕੇਸ ਕਿਸੇ ਦੇ ਨਾਗ ਸ਼ੂਕਦੇ ਕਾਲੇ ਨੇ
ਰੰਗ ਚੰਬੇਲੀ, ਬੁਲ੍ਹ ਗੁਲਾਬੀ, ਚਿਹਨ-ਚਕ੍ਰ ਅਣਿਆਲੇ ਨੇ
ਮੈਨੂੰ ਕੀ ? ਜੇ ਹੱਥ ਕਿਸੇ ਦੇ ਕੋਮਲ ਕਮਲ ਨਿਰਾਲੇ ਨੇ
ਦੁਨੀਆਂ ਪਾਗਲ ਬਣਦੀ ਹੈ ਤਾਂ ਬਣੇ ਇਸ਼ਕ ਦਿਖਲਾਵਣ ਨੂੰ
ਆਪਾਂ ਨੂੰ ਨਹੀਂ ਕਿਹਾ ਵੈਦ ਨੇ ਰੋਗ ਅਜੇਹਾ ਲਾਵਣ ਨੂੰ

ਦੱਸੋ ਭਲਾ, ਵੇਖ ਫੁਲ ਖਿੜਿਆ, ਕਯੋਂ ਤਰਸਾਂ ਲਲਚਾਵਾਂ ਮੈਂ ?
ਭੁੜਕ ਛਾਲ ਚਿੱਕੜ ਵਿਚ ਮਾਰਾਂ, ਬਲ ਤੋੜਨ ਹਿਤ ਲਾਵਾਂ ਮੈਂ !
ਕਯੋਂ ਬੂਟੇ ਵਿਚ ਹੱਥ ਮਾਰ ਕੇ, ਜ਼ਖ਼ਮ ਕੰਡੇ ਦਾ ਖਾਵਾਂ ਮੈਂ ?
ਮੂਰਖ ਬਣਾਂ, ਮਖ਼ੌਲ ਕਰਾਵਾਂ, ਕਯੋਂ ਕਪੜੇ ਪੜਵਾਵਾਂ ਮੈਂ ?
ਫੁਲ ਦੀ ਗੰਧ ਤਾਂ ਆਪੇ ਉਡ ਕੇ, ਸਾਡੇ ਵਲ ਆ ਜਾਣੀ ਹੈ !
ਅਸਾਂ ਆਪਣੀ ਬੇਪਰਵਾਹੀ ਦੀ ਕਯੋਂ ਸ਼ਾਨ ਗਵਾਣੀ ਹੈ ?

ਚੰਦ-ਚਾਨਣੀ ਦੇਖ ਭਲਾ ਮੈਂ ਹਉਕੇ ਭਰ ਭਰ ਰੋਵਾਂ ਕਿਉਂ ?
ਕਰ ਕਰ ਯਾਦ ‘ਕਿਸੇ’ ਦਾ ਮੁਖੜਾ, ਜਾਨ ‘ਆਪਣੀ’ ਖੋਵਾਂ ਕਿਉਂ ?
ਮਿੱਠੀ ਨੀਂਦ ਛੱਡ ਕੇ ਤੜਫਾਂ, ਬੈਠਾਂ, ਤੁਰਾਂ, ਖਲੋਵਾਂ ਕਿਉਂ ?
ਦਰਸ਼ਨ ਇਕ ‘ਕਿਸੇ’ ਦੇ ਖ਼ਾਤਰ, ‘ਰਬ’ ਦਾ ਅੱਝੀ ਹੋਵਾਂ ਕਿਉਂ ?
ਬਦੋਬਦੀ ਕਿਉਂ ਭੇਟ ਕਰਨ ਨੂੰ, ਸਿਰ-ਦਿਲ ਹਥ ਤੇ ਲਈ ਫਿਰਾਂ ?
ਹੰਕਾਰੀ ਦੇ ਠੁੱਡ ਖਾਣ ਨੂੰ, ਕਯੋਂ ਪੈਰੀਂ ਸਿਰ ਦਈ ਫਿਰਾਂ ?

ਮੈਂ ਬੇਸ਼ਕ ਇਸ ਜਗ ਤੇ ਹਰ ਦਮ ਹਸਦਾ ਅਤੇ ਹਸਾਂਦਾ ਹਾਂ
ਪਰ ਨਾ ਚਾਹ-ਸ਼ਿਕੰਜੇ ਅੰਦਰ ਆਪਣਾ ਦਿਲ ਕੁੜਕਾਂਦਾ ਹਾਂ
ਫੁਲ ਦੀ ਖ਼ੁਸ਼ਬੂ ਨੂੰ ਹਾਂ ਸੁੰਘਦਾ, ਨਾ ਕਿ ਉਸ ਨੂੰ ਖਾਂਦਾ ਹਾਂ
ਕੋਈ ਪਦਾਰਥ ਦੇਖ ਜਗਤ ਦਾ ਰਾਲ ਨਹੀਂ ਟਪਕਾਂਦਾ ਹਾਂ
ਮੇਰਾ ਦਿਲ ਹੈ ਮੇਰੇ ਵਸ ਵਿਚ, ਜਿੱਧਰ ਚਹਾਂ ਚਲਾਵਾਂ ਮੈਂ
ਤਦੇ ਕਮਲ ਸਮ ਜਗ ਵਿਚ ‘ਸੁਥਰਾ’ ਬੇ-ਪਰਵਾਹ ਕਹਾਵਾਂ ਮੈਂ

You may also like...

Skip to toolbar