ਮਾਤ ਬੋਲੀ

 

ਕਿਸੇ ਨੂੰ ਹੈ ਭੁੱਖ ਚੰਗੇ ਚੋਖੇ ਛੱਤੀ ਖਾਣਿਆਂ ਦੀ,
ਕਿਸੇ ਨੂੰ ਹੈ ਇੱਛਾ ਸੇਜ ਸੋਣ੍ਹੀ ਪੋਲੀ ਪੋਲੀ ਦੀ ।
ਕਿਸੇ ਨੂੰ ਹੈ ਚਾਹ ਭੜਕੀਲੀਆਂ ਪੁਸ਼ਾਕੀਆਂ ਦੀ,
ਕੋਈ ਚਾਹੇ ਮੌਜ ਰੋਜ਼ ਈਦ ਅਤੇ ਹੋਲੀ ਦੀ ।
ਕਿਸੇ ਨੂੰ ਹੈ ਲਾਲਸਾ ਹਕੂਮਤਾਂ ਯਾ ਲੀਡਰੀ ਦੀ,
ਕਿਸੇ ਨੂੰ ਹੈ ਲੱਗੀ ਅੱਗ ਸੋਨੇ ਭਰੀ ਝੋਲੀ ਦੀ ।
ਕੋਈ ਕੁਝ ਸੋਚਦਾ ਹੈ ਕੋਈ ਕੁਝ ਬੋਚਦਾ ਹੈ
ਮੈਂ ਹਾਂ ਸਦਾ ਲੋਚਦਾ ਤਰੱਕੀ ਮਾਤ ਬੋਲੀ ਦੀ ।

ਸ਼ੇਰ ਜਿਹਾ ਪੁੱਤ ਹਾਂ ਪੰਜਾਬੀ ਮਾਤਾ ਆਪਣੀ ਦਾ,
ਕਿਵੇਂ ਦੇਖ ਸੱਕਾਂ ਮੈਂ ਪੰਜਾਬੀ ਖਾਕ ਰੋਲੀ ਦੀ ।
ਦੇਹੀ ਹੈ ਪੰਜਾਬੀ ਮਿੱਟੀ, ਖੂਨ ਹੈ ਪੰਜਾਬੀ ਜਲ,
ਸਵਾਸ ਹੈ ਪੰਜਾਬੀ ਪੌਣ, ਰੋਟੀ ਇਸੇ ਭੋਲੀ ਦੀ ।
ਹਾਇ ! ਮੇਰੇ ਸਾਹਮਣੇ ਏ ਦੁਰਗਤੀ ਹੋਏ ਏਦ੍ਹੀ,
ਰਾਣੀ ਮਾਲਕਾਣੀ ਤਾਈਂ ਜਗ੍ਹਾ ਮਿਲੇ ਗੋਲੀ ਦੀ ।
ਮੈਨੂੰ ਚੈਨ ਕਿਵੇਂ ਆਵੇ ? ਜਦੋਂ ਤੀਕ ਨਾਹਿ ਹੋਵੇ,
ਮਾਤ ਭੂਮੀ ਵਿੱਚ ਬਾਦਸ਼ਾਹੀ ਮਾਤ ਬੋਲੀ ਦੀ ।

ਹਾਥੀ ਪੈਰ ਹੇਠ ਸਭੇ ਪੈਰ ਵਾਂਗ, ਸੱਭੇ ਗੁਣ,
ਲੱਭਦੇ ਨੇ ਜਦੋਂ ਮਾਤ ਬੋਲੀ ਖਾਣ ਫੋਲੀ ਦੀ ।
ਧਰਮ, ਸ਼ਰਮ ਤੇ ਕਰਮ ਦਾ ਮਰਮ ਦੱਸੇ,
ਨਾਲੇ ਦੱਸੇ ਕਿਵੇਂ ਜਿੰਦ ਵਤਨ ਤੋਂ ਹੈ ਘੋਲੀ ਦੀ ।
ਹੁੰਦੇ ਸਾਂ ਆਜ਼ਾਦ, ਬੀਰ, ਰਿਸ਼ੀ, ਰਾਜੇ, ਵਿੱਦਵਾਨ,
ਜਾਚ ਸੀ ਰੂਹਾਨੀ ਯੋਗ ਕਰਮ-ਨਿਓਲੀ ਦੀ ।
ਖਾਧੇ ਗਏ ਦਿਮਾਗ ਸੁੱਕੇ ਜਿਸਮ, ਪੰਜਾਬੀਆਂ ਦੇ,
ਜਦੋਂ ਦੀ ਹੈ ਲੱਗੀ ਏਥੇ ਸਿਓਂਕ ਗ਼ੈਰ ਬੋਲੀ ਦੀ ।

ਰੱਬ ਵੀ ਜੇ ਮਿਲੇ ਗੱਲਾਂ ਕਰਾਂ ਮੈਂ ਪੰਜਾਬੀ ਵਿੱਚ,
ਪਾਯਾ ਕੀ ਹੈ ਹੋਰਨਾਂ ਦੀ ? ਗੱਲ ਨਾ ਠਠੋਲੀ ਦੀ ।
ਬਾਣੀ ਹੈ ਪੰਜਾਬੀ ਰਚੀ, ਗੁਰੂਆਂ ਪੰਜਾਬੀਆਂ ਨੇ,
ਦੱਸਿਆ ਕਿ ਘੁੰਡੀ ਹੈ ਹਕੀਕੀ ਇਉਂ ਖੋਲ੍ਹੀ ਦੀ ।
ਆਰਫਾਂ, ਗਿਆਨੀਆਂ, ਫ਼ਕੀਰਾਂ, ਸੰਤਾਂ, ਸੂਫ਼ੀਆਂ ਨੇ,
ਕਦਰ ਵਧਾਈ ਅਣਤੋਲੀ-ਅਣਮੋਲੀ ਦੀ ।
ਕਿਉਂ ਨਾ ਅਸੀਂ ਧੋਵੀਏ ਕਲੰਕ ਮੱਥੇ ਆਪਣੇ ਤੋਂ,
ਕਿਉਂ ਨਾ ਅਸੀਂ ਲੋਚੀਏ ਤਰੱਕੀ ਮਾਤ ਬੋਲੀ ਦੀ ।

ਵਾਰ ਦਿਓ ਬੋਲੀਆਂ ਪੰਜਾਬੀ ਤੋਂ ਜਹਾਨ ਦੀਆਂ,
ਕਰੋ ਪਰਵਾਹ ਨਾ ਵਿਰੋਧੀਆਂ ਦੀ ਟੋਲੀ ਦੀ ।
ਦੇਸ਼ ਦੀ ਖੁਸ਼ਹਾਲੀ ਕਦੀ ਹੋਇਗੀ ਨਾ ਖ਼ਾਬ ਵਿੱਚ,
ਜਦੋਂ ਤੀਕ ਹੋਊ ਨਾ ਖੁਸ਼ਹਾਲੀ ਮਾਤ ਬੋਲੀ ਦੀ ।
ਵਧੇ ਚਲੋ ‘ਸੁਥਰੇ’ ਮਾਤ ਬੋਲੀ ਨੂੰ ਵਧਾਈ ਚੱਲੋ,
ਸੁਣੇ ਨ ਕਬੋਲੀ ਬੋਲੀ ਕਿਸੇ ਹਮਜੋਲੀ ਦੀ ।
ਜੰਮੇਂ ਹਾਂ ਪੰਜਾਬ ਵਿੱਚ, ਮਰਾਂਗੇ ਪੰਜਾਬ ਵਿੱਚ,
ਚਾਹੁੰਦੇ ਹਾਂ ਉਨਤੀ ਪੰਜਾਬੀ ਮਾਤ ਬੋਲੀ ਦੀ ।

You may also like...

Skip to toolbar