ਦੋਹੀਂ ਹੱਥੀਂ ਲੱਡੂ

ਹਜ਼ਰਤ ਅਲੀ ਪਾਸ ਇਕ ਮੂਰਖ ਬਹਿਸ ਕਰਨ ਹਿਤ ਆਯਾ
ਕਹਿਣ ਲਗਾ, ‘ਰੱਬ ਚੀਜ਼ ਨ ਕੋਈ, ਲੋਕਾਂ ਮੁਫ਼ਤ ਧੁਮਾਯਾ
ਪਾਣੀ, ਪੌਣ, ਅੱਗ ਤੇ ਮਿੱਟੀ ਰਲ ਬੰਦਾ ਬਣ ਜਾਵੇ
ਚੂਨਾ, ਕੱਥਾ, ਪਾਨ ਜਿਵੇਂ ਰਲ, ਆਪੇ ਸੁਰਖ਼ੀ ਆਵੇ
ਕਣਕ ਕਣਕ ਤੋਂ ਪੈਦਾ ਹੁੰਦੀ ਜੌਂ ਤੋਂ ਜੌਂ ਹਨ ਉਗਦੇ
ਸ਼ੇਰ ਸ਼ੇਰ ਤੋਂ, ਗਊ ਗਊ ਤੋਂ ਜੰਮਕੇ ਖਾਂਦੇ, ਚੁਗਦੇ
ਸਤ ਪੌਦੀਨਾ, ਸਤ ਅਜਵਾਇਣ, ਮੁਸ਼ਕ-ਕਫ਼ੂਰ ਮਿਲਾਵੋ
ਅਪਨੇ ਆਪ ਤੇਲ ਬਣ ਜਾਸੀ, ਰੱਬ ਧਯਾਵੋ ਨਾ ਧਯਾਵੋ
ਖ਼ਾਸ ਖ਼ਾਸ ਕੁਝ ਚੀਜ਼ਾਂ ਮਿਲਕੇ ਖ਼ਾਸ ਚੀਜ਼ ਬਣ ਜਾਂਦੀ
ਇਸ ਵਿਚ ਰੱਬ ਦੀ ਹਿਕਮਤ ਕੀ ਹੈ ? ਦੁਨੀਆਂ ਕਿਉਂ ਚਿਚਲਾਂਦੀ ?
ਬਾਰਸ਼ ਪਿਆਂ ਖੁੰਬ ਖ਼ੁਦ ਫੁਟਕੇ, ਖ਼ੁਦ ਹੀ ਸੁਕ ਸੜ ਜਾਵੇ
ਇਸੇ ਤਰਾਂ ਬੰਦਾ ਜਗ ਜੰਮੇ, ਕੁਝ ਚਿਰ ਪਾ, ਮਰ ਜਾਵੇ
ਨਾ ਕੁਈ ਅੱਲਾ, ਨਾ ਕੁਈ ਕਯਾਮਤ, ਸਜ਼ਾ, ਜਜ਼ਾ, ਨਾ ਲੇਖੇ
ਨਾ ਬਹਿਸ਼ਤ, ਨਾ ਦੋਜ਼ਖ ਕੋਈ, ਅਜ ਤਕ ਕਿਸੇ ਨਾ ਦੇਖੇ
ਪੀਰਾਂ ਫ਼ਕਰਾਂ ਐਵੇਂ ਰੱਬ ਦਾ, ਦੁਨੀਆਂ ਨੂੰ ਡਰ ਪਾਯਾ
ਦੱਸੋ, ਅਜ ਤਕ ਕਿਸੇ ਪੁਰਸ਼ ਨੂੰ, ਰੱਬ ਨਜ਼ਰ ਹੈ ਆਯਾ ?
ਫਿਰ ਕਯੋਂ ਅਸੀਂ ਹਰੇਕ ਕੰਮ ਵਿਚ, ਖ਼ਯਾਲੀ ਰੱਬ ਤੋਂ ਡਰੀਏ ?
ਕਯੋਂ ਨਾ ਬਣੇ ਨਾਸਤਿਕ ਰਹੀਏ ? ਦਿਲ ਚਾਹੇ ਸੋ ਕਰੀਏ ?’
ਹਜ਼ਰਤ ਅਲੀ ਨੈਣ ਭਰ ਬੋਲੇ, ‘ਰੱਬ ਉੱਚਾ ਹੈ ਖ਼ਯਾਲੋਂ
ਉਸ ਉੱਚੇ ਦੀ ਗੱਲ ਉਸ ਦੱਸੀ ਜੋ ਆਯਾ ਉਸ ਨਾਲੋਂ
ਘਰ ਦੀ ਉਤਲੀ ਮੰਜ਼ਲ ਦਾ ਜੇ ਚਾਹੀਏ ਪਤਾ ਲਗਾਈਏ
ਯਾ ਕੋਈ ਉਪਰੋਂ ਆਕੇ ਦੱਸੇ ਯਾ ਖ਼ੁਦ ਉਪਰ ਜਾਈਏ
ਮੈਂ ਕਹਿੰਦਾ ਹਾਂ ਉਤਲੀ ਮੰਜ਼ਲੇ, ਬੇਸ਼ਕ ਰੱਬ ਹੈ ਭਾਈ !
ਤੂੰ ਕਹਿੰਦਾ ਹੈਂ, ਪੀਰ ਪਿਗ਼ੰਬ੍ਰਾਂ ਐਵੇਂ ਗੱਪ ਉਡਾਈ
ਜਦੋਂ ਮਰਾਂਗੇ, ਜੇ ਰੱਬ ਹੋਯਾ, ਅਸੀਂ ਬਚੇ, ਤੂੰ ਮੋਯਾ ।
ਜੇ ਨਾ ਹੋਯਾ, ਦੋਵੇਂ ਯਕਸਾਂ, ਮਿਰਾ ਹਰਜ ਕੀ ਹੋਯਾ ?’
‘ਸੁਥਰੇ’ ਕਿਹਾ ‘ਧੰਨ ਹੋ ਹਜ਼ਰਤ ! ਸ਼ੰਕਾ ਖ਼ੂਬ ਮਿਟਾਈ !
ਲੱਡੂ ਦੋਨੋਂ ਹੱਥ ਰੱਖਣ ਦੀ, ਸੋਹਣੀ ਜਾਚ ਸਿਖਾਈ !’

You may also like...

Skip to toolbar