ਇੱਕ ਪਿਆਲਾ ਪਾਣੀ

 

ਅਕਬਰ ਨੂੰ, ਦਰਬਾਰ ਬੈਠਿਆਂ, ਤ੍ਰੇਹ ਨੇ ਬਹੁਤ ਸਤਾਯਾ !
ਸੈਨਤ ਹੁੰਦਿਆਂ, ਨਫ਼ਰ ਪਿਆਲਾ ਜਲ ਠੰਢੇ ਦਾ ਲਿਆਯਾ !
ਪਕੜ ਪਿਆਲਾ ਬਾਦਸ਼ਾਹ ਨੇ ਮੂੰਹ ਨੂੰ ਚਾਹਿਆ ਲਾਣਾ !
ਪਾਸੋਂ ਬੋਲ ਬੀਰਬਲ ਉਠਿਆ ‘ਜ਼ਰਾ ਹੱਥ ਅਟਕਾਣਾ !
ਪਹਿਲਾਂ ਦੱਸੋ ਆਪ ਇੱਕ ਗਲ, ਜੇ ਪਾਣੀ ਮੁਕ ਜਾਵੇ !
ਸੈ ਕੋਹਾਂ ਤਕ ਜਤਨ ਕੀਤਿਆਂ ਇੱਕ ਬੂੰਦ ਨਾ ਥਯਾਵੇ !
ਅਤੀ ਪਯਾਸ ਲਗੀ ਹੋ ਤੁਹਾਨੂੰ, ਜਲ ਬਿਨ ਮਰਦੇ ਜਾਵੋ !
ਮਾਹੀ ਵਾਂਗ ਆਬ ਬਿਨ ਤੜਫੋ ਉਲਟ ਬਾਜ਼ੀਆਂ ਖਾਵੋ !
ਸੱਚ ਦਸੋ, ਜੇ ਉਸ ਵੇਲੇ ਕੁਈ ਇਕ ਜਲ ਪਯਾਲਾ ਲਯਾਵੇ,
ਕੀ ਕੁਝ ਦਿਓ ਹਜ਼ੂਰ ਓਸ ਨੂੰ ? ਕੀ ਕੀਮਤ ਉਹ ਪਾਵੇ ?’
ਹਸ ਕੇ ਅਕਬਰ ਕਹਿਣ ਲਗਾ ‘ਜੇ ਐਸੀ ਦਸ਼ਾ ਵਿਆਪੇ !
ਅੱਧਾ ਰਾਜ ਦਿਆਂ ਮੁਲ ਇਸ ਦਾ ਖ਼ੁਸ਼ੀ ਨਾਲ ਮੈਂ ਆਪੇ !’
ਏਹ ਕਹਿਕੇ ਓਹ ਜਲ ਦਾ ਪਯਾਲਾ ਗਟ ਗਟ ਸ਼ਾਹ ਚੜ੍ਹਾਯਾ !
ਫੇਰ ਬੀਰਬਲ ਨੇ ਸ਼ਾਹ ਅੱਗੇ ਸਵਾਲ ਦੂਸਰਾ ਪਾਯਾ :-
‘ਦੱਸੋ ਭਲਾ, ਜਿ ਹੁਣ ਏਹ ਪਾਣੀ ਦੇਹ ਅੰਦਰ ਰੁਕ ਜਾਵੇ !
ਰੁਕ ਜਾਵੇ ਪੇਸ਼ਾਬ ਆਪ ਦਾ ਜਾਨ ਪਿਆ ਤੜਫਾਵੇ !
ਬਚਣ ਲਈ ਉਸ ਕਸ਼ਟੋਂ ਕਿੰਨੇ ਪੀਰ ਪੈਗ਼ੰਬਰ ਸੇਵੋ ?
ਅੱਧਾ ਰਾਜ ਮੰਗੇ ਜੇ ਕੋਈ ਦੇਵੋ ਯਾ ਨਾ ਦੇਵੋ ?
ਚੱਕ੍ਰਿਤ ਹੋ ਕੇ ਸ਼ਾਹ ਬੋਲਿਆ, ‘ਜ਼ਰਾ ਢਿੱਲ ਨਾ ਲਾਵਾਂ !
ਬੇਸ਼ਕ ਅੱਧਾ ਰਾਜ ਭਾਗ ਮੈਂ ਫ਼ੌਰਨ ਭੇਟ ਕਰਾਵਾਂ !
ਹਸ ਕੇ ਕਿਹਾ ਬੀਰਬਲ ਨੇ ਫਿਰ, ‘ਇਸ ਤੋਂ ਸਾਬਤ ਹੋਯਾ !
ਇੱਕ ਪਿਆਲੇ ਜਲ ਦਾ ਮੁਲ ਹੈ ਰਾਜ ਤੁਹਾਡਾ ਗੋਯਾ !
ਜੋ ਅਣਮਿਣਿਆ ਤੁਲਿਆ ਇਹ ਜਲ ਸਭ ਨੂੰ ਮੁਫ਼ਤ ਪੁਚਾਵੇ !
ਉਸ ਰਬ ‘ਸੁਥਰੇ’ ਦੀ ਬਖ਼ਸ਼ਿਸ਼ ਦਾ ਬੰਦਾ ਕੀ ਮੁਲ ਪਾਵੇ ?’

You may also like...

Skip to toolbar